ਗੱਡੀ ਗਲਤ ਖੜ੍ਹੀ ਕਰਨ ਦੇ ਜ਼ੁਰਮਾਨੇ
ਜੇਕਰ ਤੁਸੀਂ ਗੱਡੀ ਗੈਰ-ਕਾਨੂੰਨੀ ਤਰੀਕੇ ਨਾਲ ਖੜ੍ਹੀ ਕਰਦੇ ਹੋ, ਤੁਹਾਨੂੰ ਜ਼ੁਰਮਾਨਾ ਹੋ ਸਕਦਾ ਹੈ। ਗੱਡੀ ਗਲਤ ਖੜ੍ਹੀ ਕਰਨ ਦੇ ਜ਼ੁਰਮਾਨੇ ਵਿਕਟੋਰੀਅਨ ਰੋਡ ਸੇਫਟੀ ਐਕਟ ਦੇ ਅਧੀਨ ਬਣਾਏ ਨਿਯਮਾਂ ਵਿੱਚ ਲਿਖੇ ਗਏ ਹਨ। ਜ਼ੁਰਮ ਦੇ ਆਧਾਰ ਤੇ ਇਸ ਵੇਲੇ ਜ਼ੁਰਮਾਨੇ 78 ਡਾਲਰ, 93 ਡਾਲਰ ਅਤੇ 155 ਡਾਲਰ ਹਨ।
ਗੱਡੀ ਗਲਤ ਖੜ੍ਹੀ ਕਰਨ ਦੇ ਜ਼ੁਰਮਾਨਾ ਤੁਹਾਨੂੰ ਫੜਾਇਆ ਜਾ ਸਕਦਾ ਹੈ, ਤੁਹਾਡੀ ਕਾਰ ਦੇ ਅਗਲੇ ਸ਼ੀਸ਼ੇ ਉਪਰ ਰੱਖਿਆ ਜਾ ਸਕਦਾ ਹੈ, ਜਾਂ ਜੁਰਮਾਨਾ ਤੁਹਾਨੂੰ ਡਾਕ ਰਾਹੀਂ ਭੇਜਿਆ ਜਾ ਸਕਦਾ ਹੈ। ਜੇਕਰ ਤੁਹਾਨੂੰ ਜ਼ੁਰਮਾਨਾ ਪ੍ਰਾਪਤ ਹੁੰਦਾ ਹੈ, ਇਸ ਦਾ ਭੁਗਤਾਨ ਵੈਲਸਫੋਰਡ ਸਟਰੀਟ, ਸ਼ੈਪਰਟਨ ਦੇ ਕੌਂਸਿਲ ਦਫ਼ਤਰ ਵਿੱਚ; ਲੌਕਡ ਬੈਗ 1000, ਸ਼ੈਪਰਟਨ, 3632 ਨੂੰ ਡਾਕ ਰਾਹੀਂ ਚੈਕ ਜਾਂ ਮਨੀਆਰਡਰ ਭੇਜ ਕੇ; ਕੌਂਸਿਲ ਦੀ ਵੈਬਸਾਈਟ ਰਾਹੀਂ ਕਰੈਡਿਟ ਕਾਰਡ ਦੁਆਰਾ ਭੁਗਤਾਨ ਕਰਕੇ ਕੀਤਾ ਜਾ ਸਕਦਾ ਹੈ।
ਜ਼ੁਰਮਾਨਾ ਭਰਨ ਲਈ ਕੌਣ ਜਿੰਮੇਵਾਰ ਹੈ?
ਜੇਕਰ ਤੁਸੀਂ ਗੱਡੀ ਦੇ ਪੰਜੀਕਰਤ ਮਾਲਕ ਹੋ ਤਾਂ ਤੁਸੀਂ ਜ਼ੁਰਮਾਨੇ ਦੇ ਜਿੰਮੇਵਾਰ ਹੋ। ਜੇਕਰ ਤੁਸੀਂ ਜ਼ੁਰਮਾਨਾ ਨਹੀਂ ਭਰਨਾ ਚਾਹੁੰਦੇ ਕਿਉਂਕਿ ਉਸ ਵੇਲੇ ਗੱਡੀ ਤੁਸੀਂ ਨਹੀਂ ਚਲਾ ਰਹੇ ਸੀ, ਡਰਾਈਵਰ ਦਾ ਨਾਮ ਅਤੇ ਪਤਾ ਲਿਖ ਕੇ ਕਾਨੂੰਨੀ ਐਲਾਨ (ਸਟੈਚੁਅਰੀ ਡੈਕਲੇਰੇਸ਼ਨ) ਨੂੰ ਪੂਰਾ ਕਰਕੇ ਕੌਂਸਿਲ ਨੂੰ ਭੇਜ ਦਿਓ।
ਗਲਤ ਗੱਡੀ ਖੜ੍ਹੀ ਕਰਨ ਦੇ ਜ਼ੁਰਮਾਨੇ ਕੌਣ ਜਾਰੀ ਕਰ ਸਕਦਾ ਹੈ?
ਗਰੇਟਰ ਸ਼ੈਪਰਟਨ ਦੇ ਵਿੱਚ ਹੇਠ ਲਿਖੇ ਲੋਕ ਉਲੰਘਣਾ ਨੋਟਿਸ (ਗਲਤ ਗੱਡੀ ਖੜ੍ਹੀ ਕਰਨ ਦਾ ਜ਼ੁਰਮਾਨਾ) ਜਾਰੀ ਕਰ ਸਕਦੇ ਹਨ:
- ਕੋਈ ਪੁਲੀਸ ਅਫ਼ਸਰ, ਜਾਂ
- ਅਧਿਕਾਰਿਤ ਕੌਂਸਿਲ ਅਫ਼ਸਰ।
ਕੁਝ ਸਥਿੱਤੀਆਂ ਵਿੱਚ ਹੋਰ ਦੂਸਰੀਆਂ ਜਨਤਕ ਸੰਸਥਾਵਾਂ ਦੇ ਅਧਿਕਾਰਿਤ ਅਫ਼ਸਰ (ਜਿਵੇਂ ਵਿਕਰੋਡਜ਼) ਵੀ ਗਲਤ ਗੱਡੀ ਖੜ੍ਹੀ ਕਰਨ ਦਾ ਉਲੰਘਣਾ ਨੋਟਿਸ ਜਾਰੀ ਕਰ ਸਕਦੇ ਹਨ।
ਕੌਂਸਿਲ ਦਾ ਅਧਿਕਾਰਿਤ ਅਫ਼ਸਰ ਜੋ ਗੱਡੀਆਂ ਖੜ੍ਹਨ ਦੀ ਨਿਗਰਾਨੀ ਕਰ ਰਿਹਾ ਹੈ ਬੇਨਤੀ ਕਰਨ ਤੇ ਤੁਹਾਨੂੰ ਪਛਾਣ ਪੱਤਰ ਵਿਖਾਉਣ ਦੇ ਯੋਗ ਹੋਵੇਗਾ। ਇਸ ਉਪਰ ਉਹਨਾਂ ਦੀ ਫੋਟੋ, ਉਹਨਾਂ ਦੇ ਦਸਤਖਤ, ਅਤੇ ਕੌਂਸਿਲ ਅਫ਼ਸਰ ਦੇ ਦਸਤਖਤ ਜਿਸ ਨੇ ਉਹਨਾਂ ਨੂੰ ਉਲੰਘਣਾ ਨੋਟਿਸ ਜਾਰੀ ਕਰਨ ਦੇ ਅਧਿਕਾਰ ਦਿੱਤੇ ਹਨ।
ਕੀ ਨਿੱਜੀ ਜਾਇਦਾਦ ਉਪਰ ਵੀ ਉਲੰਘਣਾ ਨੋਟਿਸ ਮਿਲ ਸਕਦਾ ਹੈ?
ਕੌਂਸਿਲ ਦੇ ਪਾਰਕਿੰਗ ਅਫ਼ਸਰ ਨਿੱਜੀ ਜਾਇਦਾਦ ਉਪਰ ਗੱਡੀ ਖੜ੍ਹੀ ਕਰਨ ਲਈ ਟਿਕਟ ਦੇ ਸਕਦੇ ਹਨ ਜੇਕਰ ਜਾਇਦਾਦ ਦੇ ਮਾਲਕ ਦਾ ਕੌਂਸਿਲ ਨਾਲ ਇਕਰਾਰਨਾਮਾ ਹੋਵੇ। ਉਦਾਹਰਣ ਵਜੋਂ, ਪ੍ਰਚੂਨ ਵਿਕਰੇਤਾ ਦੀ ਮਾਲਕੀ ਵਾਲੀ ਨਿੱਜੀ ਕਾਰ ਪਾਰਕ ਦੀ ਨਿਗਰਾਨੀ ਕੌਂਸਿਲ ਦੁਆਰਾ ਮਾਲਕ ਨਾਲ ਪ੍ਰਬੰਧ ਕਰਕੇ ਕੀਤੀ ਜਾ ਸਕਦੀ ਹੈ।
ਤੁਹਾਨੂੰ ਪਾਰਕਿੰਗ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਲੋੜ ਕਿਉਂ ਹੈ?
ਸਾਡੇ ਪਾਰਕਿੰਗ ਅਤੇ ਆਵਾਜਾਈ ਦੇ ਕਾਨੂੰਨ ਵਿਕਟੋਰੀਆ ਦੀਆਂ ਸੜਕਾਂ ਦੀ ਸਭ ਦੇ ਫਾਇਦੇ ਲਈ ਵਰਤੋਂ ਯਕੀਨੀ ਬਨਾਉਣ ਲਈ ਬਣਾਏ ਗਏ ਹਨ। ਬਹੁਤ ਸਾਰੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਪਾਰਕਿੰਗ ਕਰਦੇ ਹਨ ਕਿਉਂਕਿ ਇਹ ਅਸਾਨ ਹੈ, ਰੁੱਕ ਕੇ ਇਹ ਨਹੀਂ ਸੋਚਦੇ ਕਿ ਇਹ ਦੂਸਰਿਆਂ ਲਈ ਦੁਖਦਾਈ ਹੋ ਸਕਦੀ ਹੈ ਜਾਂ ਉਹਨਾਂ ਨੂੰ ਖਤਰੇ ਵਿੱਚ ਪਾ ਸਕਦੀ ਹੈ।
ਪਾਰਕਿੰਗ ਨਾ ਕਰਨ ਦੇ ਚਿੰਨ੍ਹ
ਜੇਕਰ ਕਿਧਰੇ ‘ਨੋ ਪਾਰਕਿੰਗ’ ਦਾ ਚਿੰਨ੍ਹ ਹੈ, ਤੁਸੀਂ 2 ਮਿੰਟਾਂ ਲਈ ਉੱਥੇ ਰੁੱਕ ਸਕਦੇ ਹੋ:
- ਜੇਕਰ ਤੁਸੀਂ ਸਵਾਰੀਆਂ ਜਾਂ ਚੀਜ਼ਾਂ ਉਤਾਰ ਜਾਂ ਚੜ੍ਹਾ ਰਹੇ ਹੋ
- ਤੁਸੀਂ ਆਪਣੀ ਗੱਡੀ ਦੇ ਕੋਲ 3 ਮੀਟਰ ਦੇ ਦਾਇਰੇ ਵਿੱਚ ਰਹਿੰਦੇ ਹੋ।
ਜੇਕਰ ਤੁਸੀਂ ਨੋ ਪਾਰਕਿੰਗ ਵਾਲੇ ਚਿੰਨ੍ਹ ਦੇ ਖੇਤਰ ਵਿੱਚ ਪੂਰਾ ਜਾਂ ਥੋੜ੍ਹਾ ਜਿਹਾ ਰੁਕਦੇ ਹੋ ਅਤੇ ਤੁਸੀਂ ਸਵਾਰੀਆਂ ਜਾਂ ਚੀਜ਼ਾਂ ਉਤਾਰ ਜਾਂ ਚੜ੍ਹਾ ਨਹੀਂ ਰਹੇ ਹੋ, ਤੁਹਾਨੂੰ ਪਾਰਕ ਕੀਤਾ ਗਿਣਿਆ ਜਾਵੇਗਾ ਅਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਇਹ ਉਸ ਮਾਮਲੇ ਵਿੱਚ ਵੀ ਹੋਵੇਗਾ ਭਾਂਵੇਂ ਕਿ ਤੁਸੀਂ ਆਪਣੀ ਗੱਡੀ ਦੇ ਲਾਗੇ ਹੀ ਰਹਿੰਦੇ ਹੋ।
ਨੋ ਸਟੋਪਿੰਗ ਵਾਲੇ ਚਿੰਨ੍ਹ
ਜੇਕਰ ‘ਨੋ ਸਟੋਪਿੰਗ’ ਵਾਲਾ ਚਿੰਨ੍ਹ ਹੈ, ਤੁਹਾਨੂੰ ਉਸ ਖੇਤਰ ਵਿੱਚ ਆਪਣੀ ਕਾਰ ਕਿਸੇ ਵੀ ਕਾਰਣ ਕਰਕੇ ਪੂਰੀ ਤਰ੍ਹਾਂ ਜਾਂ ਥੋੜ੍ਹੀ ਜਿਹੀ ਰੋਕਣ ਜਾਂ ਪਾਰਕ ਕਰਨ ਦੀ ਆਗਿਆ ਨਹੀਂ ਹੈ। ‘ਨੋ ਸਟੋਪਿੰਗ’ ਖੇਤਰ ਵਿੱਚ ਸਵਾਰੀਆਂ ਜਾਂ ਚੀਜ਼ਾਂ ਉਤਾਰਣ ਜਾਂ ਚੜ੍ਹਾਉਣ ਦੀ ਆਗਿਆ ਨਹੀਂ ਹੈ।